Saturday, February 12, 2011

Meditation: A Pathway to Peace / ਨਾਮ-ਸਿਮਰਨ ਦਾ ਅਭਿਆਸ ਅਤੇ ਉਸ ਦੇ ਅਧਿਆਤਮਕ ਲਾਭ

ਬਚਿੱਤਰ ਸਿੰਘ

ਸਤਿਕਾਰ ਯੋਗ ਸਤਿਸੰਗੀ ਜਨੋਂ, ਸਭ ਤੋਂ ਪਹਿਲਾਂ ਮੈਂ ਆਪਣੇ ਗੁਰਦੇਵ ਜੀ ਦਾ, ਫਿਰ ਉਮੇਸ਼ ਜੀ ਅਤੇ ਓਨ੍ਹਾਂ ਦੇ ਸਾਰੇ ਸਹਿਯੋਗੀ ਸਤਿਸੰਗੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਉਪਰਾਲੇ ਸਦਕਾ 'ਨਾਮ-ਸਿਮਰਨ' ਸੰਬੰਧੀ ਗੁਰਮਤਿ ਅਨੁਸਾਰ ਵੀਚਾਰ ਪ੍ਰਗਟ ਕਰਨ ਦਾ ਸੁਯੋਗ ਸਮਾਂ ਨਸੀਬ ਹੋਇਆ ਹੈ !

ਅੱਜ ਦਾ ਵਿਸ਼ਾ ਹੈ:
ਸਿੱਖ, ਨਾਮ-ਸਿਮਰਨ ਦਾ ਅਭਿਆਸ ਆਪਣੀ ਰੋਜ਼ਾਨਾਂ ਜ਼ਿੰਦਗੀ ਵਿੱਚ ਕਿਵੇਂ ਕਰਦੇ ਹਨ ਅਤੇ ਉਸ ਦੇ ਅਧਿਆਤਮਕ ਲਾਭ ਕੀਹ ਹਨ ?

ਸਿੱਖ ਧਰਮ ਅੰਦਰ ਪ੍ਰਭੂ ਦੇ ਨਾਮ-ਸਿਮਰਨ ਦੀ ਬਹੁਤ ਮਹਾਨਤਾ ਹੈ, ਨਾਮ-ਸਿਮਰਨ ਪਹਿਲੇ ਸਥਾਨ ਤੇ ਹੈ ਬਾਕੀ ਸਾਰੇ ਕ੍ਰਿਆ-ਕਰਮ ਬਾਅਦ ਵਿੱਚ ਹਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਨੁਸਾਰ:
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥(੨੬੩)
ਅਤੇ
ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥(੨੬੫)

ਸਿੱਖ ਧਰਮ ਅਨੁਸਾਰ ਨਾਮ ਸਿਮਰਨ ਦਾ ਅਭਿਆਸ ਬੜੇ ਸਾਧਾਰਨ ਜਿਹੇ ਢੰਗ ਨਾਲ ਆਪਾਂ ਸਾਰੇ ਆਪਣੇ ਘਰਾਂ ਵਿੱਚ ਹੀ ਹਰ ਰੋਜ਼ ਦੀ ਜਿੰਦਗੀ ਵਿੱਚ ਆਸਾਨੀ ਨਾਲ ਕਰ ਸਕਦੇ ਹਾਂ । ਨਾਮ-ਸਿਮਰਨ ਦੇ ਅਭਿਆਸ ਨੂੰ ਕੋਈ ਵੀ, ਭਾਵੇਂ ਉਹ ਕਿਸੇ ਉਮਰ ਦਾ ਹੋਵੇ, ਕਿਸੇ ਧਰਮ, ਮਜ੍ਹਬ ਜਾਂ ਜ਼ਾਤੀ ਦਾ ਹੋਵੇ ਉਹ ਆਪਣੇ ਪਰਿਵਾਰ ਵਿੱਚ ਰਹਿੰਦਾ ਹੋਇਆ ਕਰ ਸਕਦਾ ਹੈ । ਜਿਸ ਰੱਬੀ ਸ਼ਕਤੀ ਨੂੰ ਨਾਮ-ਸਿਮਰਨ ਦੇ ਅਭਿਆਸ ਰਾਹੀਂ ਅਸੀਂ ਆਪਣੇ ਅੰਦਰੋਂ ਹੀ ਉਜਾਗਰ ਕਰਨਾ ਹੈ ਉਸ ਲਈ ਸਾਨੂੰ ਆਪਣੇ-ਆਪ ਨੂੰ ਕਿਸੇ ਅਜਿਹੀ ਮੁਸ਼ਕਿਲ ਸਾਧਨਾਂ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਅਤੇ ਨਾਂ ਹੀ ਆਪਣਾਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਭਟਕਣ ਦੀ ਲੋੜ ਹੈ ਕਿਉਂ ਕਿ ਉਹ ਪਰਮਾਤਮਾਂ ਸਾਡੇ ਨਾਲ ਹੀ ਵਸਦਾ ਹੈ, ਗੁਰੂ ਤੇਗ ਬਹਾਦੁਰ ਸਾਹਿਬ ਫਰਮਾਉਂਦੇ ਹਨ:
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ ੧ ॥(ਮ: ੯, ੬੮੪)

ਨਾਮ ਸਿਮਰਨ ਦੀ ਇਸ ਸਾਧਾਰਨ ਜਹੀ ਵਿਧੀ ਨਾਲ ਜੋ ਮੈਂ ਆਪ ਜੀ ਨੂੰ ਸਿੱਖ ਧਰਮ ਦੇ ਮੁਤਾਬਕ, ਜਿਸ ਤਰ੍ਹਾਂ ਸਿੱਖ ਨਾਮ-ਸਿਮਰਨ ਦੀ ਕਮਾਈ ਕਰਦੇ ਹਨ ਦੱਸਣ ਜਾ ਰਿਹਾ ਹਾਂ, ਉਸ ਦਵਾਰਾ ਹਰ ਆਦਮੀ ਆਪਣੇ-ਆਪ ਨੂੰ ਉਸ ਪਰਮ ਸੱਤਾ ਨਾਲ ਜੋੜ ਸਕਦਾ ਹੈ ਜਿਸ ਨਾਲ ਜੁੜ ਕੇ ਅਸੀਂ ਆਪਣੇ ਅੰਦਰ ਦੀ ਸ਼ਾਤੀ ਦਾ ਅਨੰਦ ਮਾਣ ਸਕਦੇ ਹਾਂ ।

ਉਸ ਪਰਮ ਸੱਤਾ ਨਾਲ ਜੁੜਣ ਦੀ ਵਿਧੀ ਇਸ ਪ੍ਰਕਾਰ ਹੈ:
ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰੂ ਦੇ ਸਮ੍ਰਪਿਤ ਕਰਨਾ ਗੁਰੂ ਵਾਲੇ ਬਣ ਗੁਰ ਦਰਸਾਏ ਮਾਰਗ ਤੇ ਚੱਲ ਸਿਮਰਨ ਅਭਿਆਸ ਦੀ ਕਮਾਈ ਕਰਨਾਂ ।

ਨਾਮ-ਸਿਮਰਨ ਅਭਿਆਸ ਵਾਸਤੇ ਯੋਗ ਸਮੇਂ ਅਤੇ ਸਥਾਨ ਦੀ ਚੋਣ ਕਰਨਾਂ:
ਭਾਵੇਂ ਨਾਮ-ਸਿਮਰਨ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ਤੇ ਕੀਤਾ ਜਾ ਸਕਦਾ ਹੈ, ਫਿਰ ਵੀ ਸ਼ੁਰੂ ੨ ਵਿੱਚ ਨਾਮ ਅਭਿਆਸੀ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸਮੇਂ ਤੇ ਸਥਾਨ ਦੀ ਚੋਣ ਕਰੇ ਜਿਸ ਸਮੇਂ ਅਤੇ ਸਥਾਨ ਤੇ ਸ਼ਾਤੀ ਹੋਵੇ ਓਥੇ ਫੋਨ ਦੀਆਂ ਘੰਟੀਆਂ ਅਤੇ ਹੋਰ ਕਿਸੇ ਪ੍ਰਕਾਰ ਦੀਆਂ ਅਵਾਜਾਂ ਦਾ ਸ਼ੋਰ-ਸ਼ਰਾਬਾ ਨਾ ਹੋਵੇ, ਜਦੋਂ ਅਭਿਆਸ ਪੱਕ ਜਾਵੇ ਫਿਰ ਇਨ੍ਹਾਂ ਚੀਜਾਂ ਦਾ ਵੀ ਬਹੁਤਾ ਅਸਰ ਨਹੀਂ ਪੈਂਦਾ । ਜਿਵੇਂ ਇੱਕ ਵਾਰੀ ਭਗਤ ਤ੍ਰਿਲੋਚਣ ਜੀ, ਭਗਤ ਨਾਮਦੇਵ ਜੀ ਨੂੰ ਕਹਿੰਦੇ ਹਨ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥ ੨੧੨ ॥

ਐ ਮਿੱਤਰ ਨਾਮਦੇਵ ! ਤੁਸੀਂ ਤੇ ਮਾਇਆ ਦੇ ਮੋਹ ਵਿੱਚ ਫਸੇ ਪਏ ਹੋ, ਇਹ ਅੰਬਰੇ ਕਿਉਂ ਛਾਪ ਰਹੇ ਹੋ, ਪਰਮਾਤਮਾਂ ਦੇ ਚਰਣਾਂ ਨਾਲ ਚਿੱਤ ਕਿਉਂ ਨਹੀਂ ਜੋੜਦੇ ?
ਨਾਮਦੇਵ ਜੀ ਉੱਤਰ ਵਿੱਚ ਆਖਦੇ ਹਨ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ@ਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥ ੨੧੩ ॥(੧੩੭੫-੭੬)

ਹੇ ਤ੍ਰਿਲੋਚਣ ! ਮੂੰਹ ਨਾਲ ਪਰਮਾਤਮਾਂ ਦੇ ਨਾਮ ਦਾ ਸਿਮਰਨ ਕਰ, ਹੱਥਾਂ ਪੈਰਾਂ ਨਾਲ ਆਪਣਾ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਪਰਮਾਤਮਾਂ ਨਾਲ ਜੋੜ ਕੇ ਰੱਖ । ਜਦੋਂ ਨਾਮ ਸਿਮਰਨ ਦੀ ਅਵਸਥਾ ਪਰਪੱਕ ਹੋ ਜਾਏ ਉਸ ਵੇਲੇ ਕਿਸੇ ਉਚੇਚ ਦੀ ਜ਼ਰੂਰਤ ਨਹੀਂ ਰਹਿੰਦੀ ਫਿਰ ਤਾਂ:
ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥ ੬ ॥(੨੮੬)
ਅਤੇ
ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥ ੧ ॥ (ਮ: ੫, ੩੮੬)

ਸੋ ਨਾਮ-ਸਿਮਰਨ ਅਭਿਆਸ ਦੀ ਆਰੰਭਤਾ ਵਿੱਚ ਸਥਾਨ ਦੀ ਚੋਣ ਤੁਸੀਂ ਆਪ ਆਪਣੇ ਘਰ ਵਿੱਚ ਹੀ ਜ਼ਰੂਰ ਕਰੋ ਅਤੇ ਸਮਾਂ ਸਭ ਤੋਂ ਚੰਗਾ ਸਮਾਂ ਅੰਮ੍ਰਿਤ ਵੇਲਾ ਹੀ ਮੰਨਿਆਂ ਗਿਆ ਹੈ, ਗੁਰਬਾਣੀ ਅਨੁਸਾਰ:
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥(ਮ: ੨, ੧੪੬)

ਅੰਮ੍ਰਿਤ ਵੇਲੇ ਨਾਮ ਜਪਣ ਵਾਲਿਆਂ ਨੂੰ ਚਾ ਚੜ੍ਹ ਜਾਂਦਾ ਹੈ ਉਹ ਇਸ਼ਨਾਨ ਕਰ ਮਨ ਵਿੱਚ ਅਤੇ ਮੁੱਖ ਰਾਹੀਂ ਸੱਚੇ ਨਾਮ ਦਾ ਸਿਮਰਨ ਕਰਦੇ ਹਨ ।

ਸਿੱਖ ਰਹਿਤ ਮਰਯਾਦਾ ਵਿੱਚ ਵੀ ਇਸ ਤਰ੍ਹਾਂ ਅੰਕਿਤ ਹੈ:
ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ 'ਵਾਹਿਗੁਰੂ' ਨਾਮ ਜਪੇ ।

ਇਸ ਲਈ ਸਾਧਾਰਨ ਅਭਿਆਸ ਦਾ ਤਰੀਕਾ ਹੈ:
ਅੰਮ੍ਰਿਤ ਵੇਲੇ ਦਾ ਜਾਗਨਾ, ਨਿਤਾ ਪ੍ਰਤੀ ਦਾ ਇਸ਼ਨਾਨ ਤੇ ਹੋਰ ਲੋੜੀਂਦੀ ਸ਼ਰੀਰਕ ਕ੍ਰਿਆ, ਮਨ ਨੂੰ ਕਿਸੇ ਨੁਕਤੇ ਜਾਂ ਖਿਆਲ ਤੇ ਟਿਕਾਉਣਾ, ਮਨ ਨੂੰ ਉਸ ਨੁਕਤੇ ਤੋਂ ਉਖੜਣ ਨਾ ਦੇਣਾ, ਮਨ ਨੂੰ ਤ੍ਰਿਸ਼ਨਾ ਤੋਂ ਹੋੜਨਾ, ਸੰਤੋਖ ਵਾਲੀ ਬਿਰਤੀ ਬਨਾਉਣਾ, ਇਨ੍ਹਾਂ ਚੀਜਾਂ ਦਾ ਰੋਜ਼ ੨ ਅਭਿਆਸ ਪਕਾਉਣਾ, ਗੁਰ ਦਰਸਾਏ ਸ਼ਬਦ ਦਾ ਜਾਪ ਕਰਨਾ, ਗੁਰੂ ਸ਼ਬਦ ਦੀ ਟੇਕ ਰੱਖਣੀ ਅਤੇ ਇਸ ਤੋਂ ਅਗਵਾਈ ਪ੍ਰਾਪਤ ਕਰਨੀ, ਗੁਰੂ ਜੀ ਫੁਰਮਾਉਂਦੇ ਹਨ ਕਿ ਜਦੋਂ ਸਤਿਗੁਰੂ ਦੇ ਸ਼ਬਦ ਦੁਆਰਾ ਜਿਸ ਸ਼ਰੀਰ ਰੂਪ ਮੰਦਿਰ ਵਿੱਚ ਪ੍ਰਕਾਸ਼ ਹੋ ਜਾਏ, ਉਸ ਵਿੱਚੋਂ ਅਗਿਆਨਤਾ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ, ਉਸ ਸ਼ਬਦ ਦੇ ਪ੍ਰਕਾਸ਼ ਨੂੰ ਪਾ ਕੇ ਹਿਰਦਾ ਇਉਂ ਨਿਰਮਲ ਹੋ ਲਿਸ਼ਕਦਾ ਹੈ ਜਿਵੇਂ ਉਪਮਾ ਤੋਂ ਰਹਿਤ ਰਤਨਾਂ ਦੀ ਭਰੀ ਹੋਈ ਕੋਠੀ ਦਾ ਦਰਵਾਜਾ ਖੁੱਲ ਗਿਆ ਹੋਵੇ, ਆਪ ਜੀ ਫੁਰਮਾਉਂਦੇ ਹਨ:
ਸਤਿਗੁਰ ਸਬਦਿ ਉਜਾਰੋ ਦੀਪਾ ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ@ੀ ਅਨੂਪਾ ॥ ੧ ॥ (ਮ: ੫, ੮੨੧)

ਨਾਮ-ਸਿਮਰਨ ਅਭਿਆਸ ਵੇਲੇ ਧਿਆਨ:
ਨਾਮ-ਸਿਮਰਨ ਕਰਦਿਆਂ ਸਾਨੂੰ ਆਪਣਾ ਧਿਆਨ ਵੀ ਇਕਾਗਰ ਕਰਨ ਦੀ ਬਹੁਤ ਜ਼ਰੂਰਤ ਹੈ, ਇਹ ਇਕਾਗਰਤਾ ਕਿਵੇਂ ਬਣੇ ਅਤੇ ਧਿਆਨ ਕਿੱਥੇ ਟਿਕਾਈਏ ? ਗੁਰੂ ਜੀ ਫੁਰਮਾਉਂਦੇ ਹਨ: 'ਮੂੜੇ ਰਾਮ ਜਪਹੁ ਗੁਣ ਸਾਰਿ' ਇਸ ਦਾ ਮਤਲਬ ਹੈ ਵਾਹਿਗੁਰੂ ਜੀ ਦੇ ਗੁਣ ਸੰਭਾਲਦੇ ਹੋਇ ਸਿਮਰਨ ਕਰੋ ਅਥਵਾ ਵਾਹਿਗੁਰੂ ਦਾ ਸਿਮਰਨ ਤੁਹਾਡੇ ਅੰਦਰ ਉਸ ਦੇ ਗੁਣਾ ਦਾ ਚਿੰਤਨ ਪੈਦਾ ਕਰੇ । ਨਾਮ ਦੇ ਜੀਭ ਨਾਲ ਉਚਾਰਨ ਤੇ ਕੰਨਾ ਨਾਲ ਸੁਣਨ ਤੋਂ ਗੁਣਾਂ ਦਾ ਚਿੰਤਨ ਕਿਵੇਂ ਪੈਦਾ ਹੁੰਦਾ ਹੈ, ਜਿਵੇਂ ਹਰ ਸ਼ਬਦ ਜੋ ਅਸੀਂ ਬੋਲਦੇ ਜਾਂ ਸੁਣਦੇ ਹਾਂ ਉਹ ਕਿਸੇ ਖਿਆਲ ਨੂੰ ਮੂਰਤੀਮਾਨ ਕਰਦਾ ਹੈ, ਹਰ ਸ਼ਬਦ ਪਿੱਛੇ ਕੋਈ ਖਿਆਲ ਛਿਪਿਆ ਹੁੰਦਾ ਹੈ ਜੋ ਉਸ ਸ਼ਬਦ ਰਾਹੀਂ ਪ੍ਰਗਟ ਹੋ ਜਾਂਦਾ ਹੈ ਕਿਸੇ ਚੀਜ਼ ਦਾ ਲਿਆ ਹੋਇਆ ਨਾਮ ਜਿਵੇਂ: ਪਹਾੜ, ਰੁੱਖ, ਦਰਿਆ ਆਦਿ ਸਾਡੇ ਮਨ ਤੇ ਇਨ੍ਹਾਂ ਦੀ ਤਸਵੀਰ ਬਨਾ ਦੇਂਦਾ ਹੈ । ਇਸੇ ਤਰ੍ਹਾਂ ਪਰਮਾਤਮਾਂ ਦਾ ਨਾਮ ਲਿਆਂ ਵੀ ਸਾਡੇ ਮਨ ਤੇ ਪਰਮਾਤਮਾਂ ਦੇ ਗੁਣਾਂ ਦਾ ਚਿੱਤ੍ਰਨ ਹੋ ਜਾਂਦਾ ਹੈ, ਸੋ ਨਾਮ ਜਪਦਿਆਂ ਸਾਨੂੰ ਉਸ ਨਾਮ ਵਿੱਚ ਹੀ ਧਿਆਨ ਜੋੜਨਾ ਚਾਹੀਦਾ ਹੈ । ਕਈ ਲੋਕ ਧਿਆਨ ਜੋੜਨ ਲਈ ਕਿਸੇ ਤਸਵੀਰ ਆਦਿ ਦਾ ਸਹਾਰਾ ਲੈਂਦੇ ਹਨ ਗੁਰਮਤਿ ਇਸ ਦੀ ਇਜਾਜ਼ਤ ਨਹੀਂ ਦੇਂਦੀ, ਗੁਰੂ ਜੀ ਸਾਨੂੰ ਧਿਆਨ ਧਰਨ ਬਾਰੇ ਆਦੇਸ਼ ਦੇਂਦੇ ਹਨ:
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥ ੧ ॥(ਮ: ੫, ੮੨੭)
ਅਤੇ
ਧਿਆਨ ਧਰਉ ਤਿਹ ਕਉ ਮਨ ਮਹਿ ਜਿਹ ਕੋ ਅਮਿਤੋਜ ਸਭੈ ਜਗ ਛਾਇਓ ॥ (ਪਾਤਸ਼ਾਹੀ ੧੦)

ਇਸ ਤਰ੍ਹਾਂ ਅੱਖਰੀ ਨਾਮ ਵਿੱਚ ਧਿਆਨ ਜੋੜ ਕੇ ਅਥਵਾ ਲਿਵ ਲਗਾ ਕੇ ਨਾਮ ਜਪਣ ਨਾਲ ਸਾਡੇ ਅੰਦਰ ਧੁਨਆਤਮਕ ਨਾਮ ਪੈਦਾ ਹੋਵੇਗਾ, ਉਸ ਧੁਨਆਤਮਕ ਨਾਮ ਦੀ ਧੁਨ ਵਿੱਚ ਸੁਰਤ ਜੋੜਿਆਂ ਅਕਾਲ ਪੁਰਖ ਨਾਲ ਸਾਡੀ ਸਾਂਝ ਬਣ ਜਾਏਗੀ, ਗੁਰੂ ਨਾਨਕ ਦੇਵ ਜੀ ਅਨੁਸਾਰ:
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥ ੩ ॥ (ਮ: ੧, ੮੭੯)

ਸੋ ਸਿਮਰਨ ਦੀ ਪਹਿਲੀ ਸਟੇਜ ਰਸਨਾਂ ਦੁਆਰਾ ਨਾਮ ਦਾ ਉਚਾਰਨਾਂ, ਉਸ ਦੀ ਧੁਨ ਵਿੱਚ ਟਿਕ ਜਾਣਾ ਅਤੇ ਇਸ ਤੋਂ ਆਪਣੇ ਅੰਦਰ ਨਾਮ ਦੀ ਸੂਝ, ਜਾਣਕਾਰੀ ਤਥਾ ਗਿਆਨ ਹਾਸਲ ਕਰਨਾ ਹੈ । ਸਿਮਰਨ, ਗਿਆਨ ਅਤੇ ਧਿਆਨ ਨਾਮ ਪ੍ਰਾਪਤੀ ਦੀਆਂ ਆਰੰਭਕ ਸਥਿਤੀਆਂ ਹਨ, ਜਪੁ ਜੀ ਸਾਹਿਬ ਅੰਦਰ ਗੁਰੂ ਨਾਨਕ ਦੇਵ ਜੀ ਨੇ ਧਰਮ ਖੰਡ ਤੋਂ ਸਚ ਖੰਡ ਤੱਕ ਦਾ ਸਵਿਸਥਾਰ ਵਰਨਣ ਕੀਤਾ ਹੈ, ਜਿਸ ਨੂੰ ਅਸੀਂ ਸੰਖੇਪ ਵਿੱਚ ਇਸ ਤਰ੍ਹਾਂ ਸਮਝ ਸਕਦੇ ਹਾਂ: ਧਰਮ ਖੰਡ ਵਿੱਚ ਅਸੀਂ ਆਪਣੇ ਧਰਮ ਅਥਵਾ ਫਰਜਾਂ ਦੀ ਪਹਿਚਾਨ ਕਰ ਉਸ ਤੇ ਚੱਲਣ ਦੀ ਦ੍ਰਿੜ੍ਹਤਾ ਹਾਸਲ ਕਰਦੇ ਹਾਂ, ਗਿਆਨ ਖੰਡ ਵਾਲੀ ਅਵਸਥਾਂ ਵਿੱਚ ਮਾਲਕ ਦੀ ਇਸ ਬ੍ਰਹਮੰਡੀ ਰਚਨਾਂ ਦਾ ਅਤੇ ਜੀਵਨ ਮਕਸਦ ਦਾ ਗਿਆਨ ਪ੍ਰਾਪਤ ਹੁੰਦਾ ਹੈ, ਸਰਮ ਖੰਡ ਵਿੱਚ ਜੀਵਨ ਮਨੋਰਥ ਨੂੰ ਪੂਰਿਆਂ ਕਰਨ ਲਈ ਨਾਮ-ਸਿਮਰਨ ਦੀ ਘਾਲਨਾਂ ਜਾਂ ਮੇਹਨਤ ਕਰੀਦੀ ਹੈ, ਕਰਮ ਖੰਡ ਵਿੱਚ ਜੀਵ ਦੀ ਮੇਹਨਤ ਨੂੰ ਪਰਮਾਤਮਾਂ ਦੀ ਬਖਸ਼ਿਸ਼ ਦਾ ਫਲ ਲੱਗਦਾ ਹੈ ਪਰਮੇਸ਼ਰ ਦੀ ਰਹਿਮਤ ਜੀਵ ਉੱਤੇ ਬਰਸਦੀ ਹੈ ਤੇ ਜੀਵ ਉਸ ਰਹਿਮਤ ਨੂੰ ਪਾ ਕੇ ਸਚ ਖੰਡ ਦੀ ਅਵਸਥਾ ਦਾ ਵਾਸੀ ਬਣ ਜਾਂਦਾ ਹੈ ।

ਨਾਮ-ਸਿਮਰਨ ਅਭਿਆਸ ਦੇ ਅਧਿਆਤਮਿਕ ਲਾਭ:
ਸਿਮਰਨ-ਅਭਿਆਸ ਦੇ ਅਨੇਕਾਂ ਹੀ ਲਾਭ ਹਨ ਜੀਵਨ ਦਾ ਕੋਈ ਵੀ ਅਜਿਹਾ ਪਹਲੂ ਨਹੀਂ ਜਿਸ ਵਿੱਚ ਸਿਮਰਨ ਅਭਿਆਸ ਦਾ ਲਾਭ ਨਾ ਹੋਵੇ, ਇਸ ਦੀ ਬਹੁਤ ਵੱਡੀ ਲਿਸਟ ਬਣਾਈ ਜਾ ਸਕਦੀ ਹੈ, ਪਰ ਸਵਾਲ ਹੈ ਸਿਮਰਨ ਅਭਿਆਸ ਦੇ ਅਧਿਆਤਮਕ ਲਾਭ ਕੀਹ ਹਨ ? ਨਾਮ-ਸਿਮਰਨ ਦਾ ਅਭਿਆਸ ਸਾਡੇ ਖਿੰਡੇ ਹੋਏ ਮਨ ਨੂੰ ਇਕੱਠਿਆਂ ਕਰਦਾ ਹੈ, ਇਕੱਠਾ ਹੋਇਆ ਮਨ ਭਟਕਣਾ ਨੂੰ ਛੱਡ ਸਹਜ ਵਿੱਚ ਟਿਕਦਾ ਹੈ, ਇਹ ਅਭਿਆਸ ਸਾਡੀ ਟੁੱਟੀ ਹੋਈ ਸੁਰਤ ਨੂੰ ਮੁੜ ਸਾਡੇ ਅਸਲੇ ਨਾਲ ਜੋੜਦਾ ਹੈ, ਸਿਮਰਨ-ਅਭਿਆਸ ਸਾਡੇ ਧਿਆਨ ਨੂੰ ਇਕਾਗਰ ਕਰਦਾ ਹੈ ਜਿਸ ਤੋਂ ਸਾਡੇ ਅੰਦਰ ਸਬਰ-ਸੰਤੋਖ ਤੇ ਸ਼ੁਕਰਾਨੇ ਦੀ ਭਾਵਨਾਂ ਪੈਦਾ ਹੁੰਦੀ ਹੈ । ਸਾਡੇ ਅੰਤਸ਼ਕਰਨ ਵਿੱਚ ਗਿਆਨ, ਵੀਚਾਰ, ਵਿਸਮਾਦ, ਜੀਵਾਂ ਅਤੇ ਪਰਮਾਤਮਾਂ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਜਿਸ ਤੋਂ ਲਿਵ ਬਣਦੀ ਹੈ, ਨਾਮ ਦੇ ਸਿਮਰਨ ਨਾਲ ਜੁੜੀ ਹੋਈ ਲਿਵ ਸਾਨੂੰ ਪਰਮਾਤਮਾਂ ਦੀ ਕਿਰਪਾ ਦਾ ਪਾਤਰ ਬਣਾਉਂਦੀ ਹੈ, ਪਰਮਾਤਮਾਂ ਦੀ ਉਸ ਨਦਰੇ ਇਨਾਯਤ ਨੂੰ ਪਾ ਕੇ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਜ਼ ਕੀਤਾ ਗਿਆ ਹੈ:
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥(ਮ: ੫, ੮੪੬)

ਆਤਮਕ ਸ਼ਾਂਤੀ ਦਾ ਰਸਤਾ ਹੈ ਪਰਮਾਤਮਾਂ ਦੇ ਨਾਮ ਦਾ ਸਿਮਰਨ !!